ਨਕੋਦਰ : ਚੋਰ 10 ਤੋਲੇ ਸੋਨਾ, 10 ਤੋਲੇ ਚਾਂਦੀ ਅਤੇ ਨਕਦੀ ਲੈ ਹੋਏ ਫਰਾਰ
ਜਲੰਧਰ ਰੋਡ ਤੇ ਸਥਿਤ ਪਾਲਮ ਵਿਹਾਰ ਕਾਲੋਨੀ ਚ ਇਕ ਘਰ ਨੂੰ ਚੋਰਾਂ ਨੇ ਬਣਾਇਆ ਨਿਸ਼ਾਨਾ
ਰੋਜਾਨਾ ਚੋਰੀ, ਲੁੱਟ ਖੋਹ ਦੀਆਂ ਵੱਧ ਰਹੀਆਂ ਵਾਰਦਾਤਾਂ ਕਾਰਨ ਸ਼ਹਿਰ ਦੀ ਕਾਨੂੰਨ ਵਿਸਸਥਾ ਤੇ ਉੱਠ ਰਹੇ ਸਵਾਲ?
ਪੁਨੀਤ ਅਰੋੜਾ
ਨਕੋਦਰ , 6 ਮਈ 2024 : ਜਲੰਧਰ ਰੋਡ ਤੇ ਸਥਿਤ ਪਾਲਮ ਵਿਹਾਰ ਕਾਲੋਨੀ ਚ ਚੋਰਾਂ ਵੱਲੋਂ ਚੋਰੀ ਦੀ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਦਾ ਸਮਾਚਾਰ ਮਿਲਿਆ ਹੈ। ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਮਕਾਨ ਮਾਲਿਕ ਤਰਸੇਮ ਸਿੰਘ ਵਾਸੀ ਪਾਲਮ ਵਿਹਾਰ ਕਾਲੋਨੀ ਨੇ ਦੱਸਿਆ ਕਿ ਮੈਂ ਰੋਜਾਨਾ ਦੀ ਤਰ੍ਹਾਂ ਸਵੇਰੇ ਮਲਸੀਆਂ ਕੰਮ ਤੇ ਗਿਆ ਸੀ, ਪਿੱਛੇ ਘਰ ਮੇਰੀ ਪਤਨੀ ਸਰਬਜੀਤ ਕੌਰ ਸੀ, ਉਹ 25-30 ਮਿੰਟ ਲਈ ਘਰੋਂ ਕਿਸੇ ਕੰਮ ਗਈ ਸੀ, ਜਦੋਂ ਘਰ ਵਾਪਸ ਆ ਕੇ ਦੇਖਿਆ ਤਾਂ ਘਰ ਦਾ ਬਾਹਰਲਾ ਦਰਵਾਜਾ ਟੁੱਟਿਆ ਹੋਇਆ ਸੀ, ਉਸ ਨੇ ਆਪਣੇ ਆਂਢ ਗੁਆਂਢ ਨੂੰ ਅਵਾਜ ਲਗਾਈ ਅਤੇ ਅੰਦਰ ਜਾ ਕੇ ਦੇਖਿਆ ਕਿ ਘਰ ਅੰਦਰ ਕਮਰੇ ਦਾ ਵੀ ਦਰਵਾਜਾ ਟੁੱਟਿਆ ਪਿਆ ਸੀ ਅਤੇ ਅਲਮਾਰੀ ਦਾ ਸਾਰਾ ਸਮਾਨ ਖਿਲਰਿਆ ਪਿਆ ਸੀ, ਅਲਮਾਰੀ ਵਿੱਚ 10 ਤੋਲੇ ਦੇ ਕਰੀਬ ਸੋਨਾਂ ਅਤੇ 10 ਤੋਲੇ ਦੇ ਕਰੀਬ ਚਾਂਦੀ ਅਤੇ 5 ਹਜਾਰ ਰੁਪਏ ਨਕਦੀ ਜੋ ਗਾਇਬ ਸੀ। ਇਸ ਸਬੰਧੀ ਪੁਲਿਸ ਨੂੰ ਸੂਚਿਤ ਕਰ ਦਿੱਤਾ ਗਿਆ।
ਵਰਨਣਯੋਗ ਹੈ ਕਿ ਇਸ ਘਟਨਾ ਨੇ ਸਾਰਾ ਸ਼ਹਿਰ ਹਿਲਾ ਕੇ ਰੱਖ ਦਿੱਤਾ ਹੈ, ਦਿਨ ਦਿਹਾੜੇ ਚੋਰੀ ਦੀਆਂ ਵਾਰਦਾਤਾਂ ਕਾਰਨ ਨਕੋਦਰ ਸ਼ਹਿਰ ਦੀ ਕਾਨੂੰਨ ਵਿਵਸਥਾ ਤੇ ਸਵਾਲ ਉੱਠ ਰਹੇ ਹਨ, ਪਰ ਪੁਲਿਸ ਅਧਿਕਾਰੀ ਇਹ ਕਹਿ ਕੇ ਪੱਲਾ ਝਾੜ ਰਹੇ ਹਨ ਕਿ ਸਾਡੇ ਕੋਲ ਮੁਲਾਜਮਾਂ ਦੀ ਘਾਟ ਹੈ, ਸ਼ਹਿਰ ਅੰਦਰ ਆਏ ਦਿਨ ਚੋਰੀ ਦੀਆਂ ਵਾਰਦਾਤਾਂ ਕਾਰਨ ਸ਼ਹਿਰ ਵਾਸੀਆਂ ਦਾ ਆਮ ਆਦਮੀ ਪਾਰਟੀ ਦੀ ਸਰਕਾਰ ਅਤੇ ਪੁਲਿਸ ਪ੍ਰਸ਼ਾਸਨ ਖਿਲਾਫ ਕਾਫੀ ਗੁੱਸਾ ਹੈ, ਲੋਕਾਂ ਦਾ ਕਹਿਣਾ ਹੈ ਕਿ ਇਹ ਦੋ ਸਾਲਾਂ ਚ ਚੋਰੀ, ਲੁੱਟ ਖੋਹ ਦੀਆਂ ਵਾਰਦਾਤਾਂ ਚ ਕਾਫੀ ਇਜਾਫਾ ਹੋਇਆ ਹੈ, ਪਰ ਪੁਲਿਸ ਬਿਆਨਬਾਜੀ ਤੱਕ ਸੀਮਿਤ ਹੈ, ਲੋਕ ਤਾਂ ਹੁਣ ਘਰੋਂ ਕਿਤੇ ਜਾ ਵੀ ਨਹੀਂ ਸਕਦੇ। ਘਰ ਦੇ ਮਾਲਿਕ ਤਰਸੇਮ ਸਿੰਘ ਨੇ ਮੰਗ ਕੀਤੀ ਹੈ ਕਿ ਚੋਰਾਂ ਨੂੰ ਜਲਦੀ ਤੋਂ ਜਲਦੀ ਕਾਬੂ ਕੀਤਾ ਜਾਵੇ ਅਤੇ ਸਾਨੂੰ ਇਨਸਾਫ ਦਿਵਾਇਆ ਜਾਵੇ।